ਅਕਾਲੀ ਦਲ (ਬਾਦਲ) ਨੂੰ ਅਜਮੇਰ ਸਿੰਘ ਲੱਖੋਵਾਲ ਦੇ ਸਮਰਥਨ ਨੇ ਉਨ੍ਹਾਂ ਦੀ ਮੌਕਾਪ੍ਰਸਤ ਰਾਜਨੀਤੀ ਨੂੰ ਬੇਨਕਾਬ ਕੀਤਾ: ਬਲਤੇਜ ਪੰਨੂ

Admin
2 Min Read

ਚੰਡੀਗੜ੍ਹ, 18 ਨਵੰਬਰ 2026: ਆਮ ਆਦਮੀ ਪਾਰਟੀ (‘ਆਪ’) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਸਾਨ ਆਗੂ ਅਜਮੇਰ ਸਿੰਘ ਲੱਖੋਵਾਲ ਵੱਲੋਂ ਸ਼੍ਰੋਮਣੀ ਅਕਾਲੀ दल (ਬਾਦਲ) ਨੂੰ ਸਮਰਥਨ ਦੇਣ ਦੇ ਐਲਾਨ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਪੰਨੂ ਨੇ ਲੱਖੋਵਾਲ ਦੇ ਇਸ ਕਦਮ ਨੂੰ ਮੌਕਾਪ੍ਰਸਤੀ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਅਸਲੀ ਚਿਹਰਾ ਹੁਣ ਪੰਜਾਬ ਦੇ ਕਿਸਾਨਾਂ ਸਾਹਮਣੇ ਪੂਰੀ ਤਰ੍ਹਾਂ ਬੇਨਕਾਬ ਹੋ ਗਿਆ ਹੈ।

ਬਲਤੇਜ ਪੰਨੂ ਨੇ ਦੋਸ਼ ਲਾਇਆ ਕਿ 2007 ਤੋਂ 2017 ਦੌਰਾਨ ਅਕਾਲੀ ਦਲ ਦੀ ਸਰਕਾਰ ਵੇਲੇ ਲੱਖੋਵਾਲ ਮੰਡੀ ਬੋਰਡ ਦੇ ਚੇਅਰਮੈਨ ਦੇ ਅਹੁਦੇ ‘ਤੇ ਸਨ। ਉਨ੍ਹਾਂ ਸਵਾਲ ਉਠਾਇਆ ਕਿ ਉਨ੍ਹਾਂ ਦਸ ਸਾਲਾਂ ਦੇ ਕਾਰਜਕਾਲ ਦੌਰਾਨ ਲੱਖੋਵਾਲ ਨੇ ਕਿਸਾਨਾਂ ਦੇ ਹਿੱਤਾਂ ਜਾਂ ਉਨ੍ਹਾਂ ਦੇ ਮੁੱਦਿਆਂ ਦੀ ਗੱਲ ਕਦੇ ਨਹੀਂ ਕੀਤੀ ਅਤੇ ਨਾ ਹੀ ਇਸ ਦਾ ਕੋਈ ਰਿਕਾਰਡ ਮਿਲਦਾ ਹੈ। ਪੰਨੂ ਅਨੁਸਾਰ, ਉਸ ਸਮੇਂ ਵੀ ਸੱਤਾ ਦਾ ਸੁੱਖ ਭੋਗਣ ਲਈ ਹੀ ਅੰਦਰਖਾਤੇ ਸਮਝੌਤਾ ਕੀਤਾ ਗਿਆ ਸੀ।

ਕਿਸਾਨ ਅੰਦੋਲਨ ਦਾ ਜ਼ਿਕਰ ਕਰਦਿਆਂ ‘ਆਪ’ ਆਗੂ ਨੇ ਕਿਹਾ ਕਿ ਅੰਦੋਲਨ ਦੀ ਸ਼ੁਰੂਆਤ ਵਿੱਚ ਲੱਖੋਵਾਲ ਨੂੰ ਇਸ ਗੱਲ ਦਾ ਅੰਦਾਜ਼ਾ ਸੀ ਕਿ ਕਿਸਾਨਾਂ ਵਿੱਚ ਉਨ੍ਹਾਂ ਦੀ ਸਾਖ਼ ਕਿਹੋ ਜਿਹੀ ਹੈ। ਇਸੇ ਕਾਰਨ ਉਨ੍ਹਾਂ ਨੇ ਖ਼ੁਦ ਸਾਹਮਣੇ ਆਉਣ ਦੀ ਬਜਾਏ ਆਪਣੇ ਪੁੱਤਰ ਨੂੰ ਅੱਗੇ ਕਰਕੇ ਜਥੇਬੰਦੀ ਨੂੰ ਅੰਦੋਲਨ ਨਾਲ ਜੋੜਿਆ। ਪੰਨੂ ਨੇ ਤੰਜ ਕੱਸਦਿਆਂ ਕਿਹਾ ਕਿ ਕਈ ਸਾਲਾਂ ਤੱਕ ਪਰਦੇ ਪਿੱਛੇ ਰਹਿਣ ਤੋਂ ਬਾਅਦ ਹੁਣ ਜਦੋਂ ਇੱਕ ਸਿਆਸੀ ਪਾਰਟੀ ਨੂੰ ਸਮਰਥਨ ਦੇਣ ਦੀ ਵਾਰੀ ਆਈ ਹੈ, ਤਾਂ ਲੱਖੋਵਾਲ ਖ਼ੁਦ ਖੁੱਲ੍ਹ ਕੇ ਸਾਹਮਣੇ ਆ ਗਏ ਹਨ।

ਬਲਤੇਜ ਪੰਨੂ ਨੇ ਚੁਣੌਤੀ ਦਿੰਦਿਆਂ ਕਿਹਾ ਕਿ ਲੱਖੋਵਾਲ ਇਹ ਸਪੱਸ਼ਟ ਕਰਨ ਕਿ 2007 ਤੋਂ 2017 ਦਰਮਿਆਨ ਉਨ੍ਹਾਂ ਨੇ ਅਕਾਲੀ ਦਲ ਤੋਂ ਕਿਸਾਨਾਂ ਦਾ ਕਿਹੜਾ ਭਲਾ ਕਰਵਾਇਆ ਸੀ ਜਾਂ ਅੱਗੇ ਉਹ ਕੀ ਕਰਵਾ ਲੈਣਗੇ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਕਿਸਾਨਾਂ ਨੂੰ ਇਹ ਗੱਲ ਪੂਰੀ ਤਰ੍ਹਾਂ ਸਮਝ ਆ ਚੁੱਕੀ ਹੈ ਕਿ ਲੱਖੋਵਾਲ ਦੀਆਂ ਰਣਨੀਤੀਆਂ ਕਿਸ ਤਰ੍ਹਾਂ ਦੀਆਂ ਰਹੀਆਂ ਹਨ ਅਤੇ ਉਹ ਕਿਸ ਦੇ ਹਿੱਤ ਵਿੱਚ ਕੰਮ ਕਰ ਰਹੇ ਹਨ।

Share This Article
Leave a comment

Leave a Reply

Your email address will not be published. Required fields are marked *